ਚਾਈਲਡ ਲਾਈਨ 1098 ’ਤੇ ਆਉਣ ਵਾਲੇ ਕੇਸਾਂ ’ਤੇ ਬਿਨਾਂ ਦੇਰੀ ਕੀਤੀ ਜਾਵੇ ਕਾਰਵਾਈ: ਸੰਦੀਪ ਹੰਸ

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੇ ਬਾਲ ਭਲਾਈ ਕਮੇਟੀ ਦੇ ਕੰਮਕਾਜ ਸਬੰਧੀ ਤਿਮਾਹੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੋਸਕੋ, ਬਾਲ ਭਿਖਿਆ ਤੇ ਬਾਲ ਮਜ਼ਦੂਰੀ, ਬਾਲ ਵਿਆਹ ਨਾਲ ਸਬੰਧਤ ਮਾਮਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਬੱਚਿਆਂ ਦੀ ਸੰਭਾਲ ਲਈ ਬਣੇ ਸਰਕਾਰੀ ਹੋਮਜ਼, ਬਾਲ ਭਲਾਈ ਕਮੇਟੀ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕੰਮਾਂ ’ਤੇ ਚਰਚਾ ਕਰਦੇ ਹੋਏ ਹੋਮਜ਼ ਵਿਚ ਸਾਫ਼-ਸਫ਼ਾਈ, ਬੱਚਿਆਂ ਦੀ ਨਿਯਮਤ ਸਿਹਤ ਜਾਂਚ, ਸੁਰੱਖਿਆ, ਖਾਣੇ ਦੀ ਗੁਣਵੱਤਾ ਚੈਕ ਕਰਨ ਸਬੰਧੀ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਇਸ ਦੌਰਾਨ ਨਿਰਦੇਸ਼ ਦਿੱਤੇ ਕਿ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਚਾਈਲਡ ਹੈਲਪਲਾਈਨ 1098 ’ਤੇ ਆਉਣ ਵਾਲੇ ਮਾਮਲਿਆਂ ’ਤੇ ਬਿਨਾਂ ਦੇਰੀ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਦੱਸਿਆ ਕਿ ਕੋਰੋਨਾ ਦੇ ਕਾਰਨ ਅਨਾਥ ਤੇ ਬੇਸਹਾਰਾ ਹੋਏ 88 ਬੱਚਿਆਂ ਤੇ 2 ਅਨਾਥ ਬੱਚਿਆਂ ਨੂੰ ਭਾਰਤ ਤੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਸਪਾਂਸਰਸ਼ਿਪ ਫੰਡ, ਆਸ਼ਰਿਤ ਪੈਨਸ਼ਨ, ਸਰਬਤ ਸਿਹਤ ਬੀਮਾ ਯੋਜਨਾ, ਘਰ-ਘਰ ਰੋਜ਼ਗਾਰ, ਸਮਾਰਟ ਰਾਸ਼ਨਕਾਰਡ ਤੋਂ ਇਲਾਵਾ ਹਰ ਸਰਕਾਰੀ ਯੋਜਨਾਵਾਂ ਆਦਿ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਮੇਟੀ ਉਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੋਸਕੋ ਐਕਟ, ਬਾਲ ਮਜ਼ਦੂਰੀ, ਅਡੋਪਸ਼ਨ ਗਾਈਡਲਾਈਨਜ਼, ਬਾਲ ਵਿਆਹ ਵਿਸ਼ੇਸ਼ ਐਕਟ ਸਬੰਧੀ ਵੱਖ-ਵੱਖ ਸਕੂਲਾਂ,ਸਰਕਾਰੀ ਹੋਮਜ਼, ਐਮ.ਐਲ.ਟੀ.ਸੀ. ਸੈਂਟਰ ਤੇ ਆਂਗਣਵਾੜੀ ਟ੍ਰੇਨਿੰਗ ਸੈਂਟਰਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾਣ। ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਾਰ ਸੈਕਸੁਅਲ ਓਫੈਂਸ ਐਕਟ-2012 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਥਾਰਟੀ ਵਲੋਂ ਜੁਵੇਨਾਈਲ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਹਰ ਪੁਲਿਸ ਸਟੇਸ਼ਨ ਵਿਚ ਚਾਈਲਡ ਵੈਲਫੇਅਰ ਪੁਲਿਸ ਅਧਿਕਾਰੀ ਹੋਣਾ ਜ਼ਰੂਰੀ ਹੈ ਜੋ ਕਿ ਘੱਟ ਤੋਂ ਘੱਟ ਏ.ਐਸ.ਆਈ. ਪੱਧਰ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਇਸ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੈਲਪਲਾਈਨ ਨੰਬਰ 1968 ਬਾਰੇ ਵੀ ਜਾਣਕਾਰੀ ਦਿੱਤੀ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਵਲੋਂ ਸੁਰੱਖਿਆ ਤੇ ਸੰਭਾਲ ਲਈ ਜ਼ਰੂਰੀ ਬੱਚਿਆਂ ਜਿਵੇਂ ਕਿ ਅਨਾਥ, ਬੇਸਹਾਰਾ, ਗੁੰਮਸ਼ੁਦਾ ਹਾਲਤ ਵਿਚ ਮਿਲੇ ਬੱਚਿਆਂ, ;ਬਾਲ ਵਿਆਹ, ਯੌਨ ਸ਼ੋਸ਼ਣ ਨਾਲ ਪੀੜ੍ਹਤ ਬੱਚਿਆਂ ਦੇ ਕੇਸਾਂ ਦੇ ਨਿਪਟਾਰਾੇ ਸਬੰਧੀ ਬਾਲ ਭਲਾਈ ਕਮੇਟੀ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਡਾਪਸ਼ਨ ਕਰਨ ਲਈ ਚਾਹਵਾਨ ਪਰਿਵਾਰ ਨੂੰ ਸਾਰੀ ਪ੍ਰਕਿਰਿਆ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ 45 ਪਰਿਵਾਰਾਂ ਦੀ ਅਡਾਪਸ਼ਨ ਦੀ ਕਾਨੂੰਨੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਿੰਡ ਪੱਧਰ ਬਾਲ ਸੁਰੱਖਿਆ ਕਮੇਟੀਆਂ ਤੇ ਬਲਾਕ ਪੱਧਰ ਬਾਲ ਸੁਰੱਖਿਆ ਕਮੇਟੀਆਂ ਦੀ ਕਾਰਗੁਜ਼ਾਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਮੂਹ ਸੁਪਰਡੈਂਟ ਹੋਮਜ਼ ਵਲੋਂ ਹੋਮਜ਼ ਵਿਚ ਰਹਿ ਰਹੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੀ ਜਾਣਕਾਰੀ ਦਿੱਤੀ। ਮੀਟਿੰਗ ਵਿਚ ਬਾਲ ਭਲਾਈ ਕਮੇਟੀ ਦੀ ਚੇਅਰਮੈਨ ਹਰਜੀਤ ਕੌਰ, ਐਸ.ਪੀ. ਧਰਮਵੀਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਸਿਹਤ ਅਫ਼ਸਰ, ਸਮੂਹ ਸੁਪਰਡੈਂਟ, ਲੇਬਰ ਇੰਸਪੈਕਟਰ, ਚਾਈਲਡ ਲਾਈਨ ਹੁਸ਼ਿਆਰਪੁਰ ਦੇ ਪ੍ਰਤੀਨਿੱਧੀ, ਸਮੂਹ ਸਟਾਫ ਬਾਲ ਸੁਰੱਖਿਆ ਯੂਨਿਟ ਤੇ ਵਨ ਸਟਾਪ ਸੈਂਟਰ ਹੁਸ਼ਿਆਰਪੁਰ ਤੋਂ ਸਟਾਫ਼ ਮੌਜੂਦ ਸਨ।

Related posts

Leave a Comment